ਜਲੰਧਰ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਮ.ਏ. ਅੰਗਰੇਜ਼ੀ ਸਮੈਸਟਰ ਚੌਥਾ ਦੀ ਵਿਦਆਰਥਣ ਸਾਕਸ਼ੀ ਸ਼ਰਮਾ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ 1600 ਵਿਚੋਂ 1100 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਸ ਸਫ਼ਲਤਾ ਲਈ ਵਿਦਆਰਥਣ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਾਲਜ ਆਪਣੇ ਵਿਦਆਰਥੀਆਂ ਨੂੰ ਪੜ੍ਹਾਈ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਦੇ ਹੋਏ ਵਿਦਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਖੋਜਣ ਲਈ ਉਤਸ਼ਾਹਿਤ ਕਰਦਾ ਅਤੇ ਆਪਣੇ ਹੋਣਹਾਰ ਵਿਦਆਰਥੀਆਂ ਨੂੰ ਸਕਾਲਰਸ਼ਿਪ ਵੀ ਪ੍ਰਦਾਨ ਕਰਦਾ ਹੈ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਉੱਤਮਤਾ ਲਈ ਪ੍ਰਮੁੱਖ ਸੰਸਥਾ ਵਜੋਂ ਜਾਣਿਆ ਜਾਂਦਾ ਹੈ। ਯੂਨੀਵਰਸਿਟੀ ਦੀਆਂ ਮੈਰਿਟ ਪੁਜ਼ੀਸ਼ਨਾਂ, ਖੇਡਾਂ ਦੇ ਖੇਤਰ ਵਿੱਚ ਯੋਗਦਾਨ ਅਤੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਯੁਵਕ ਮੇਲਿਆਂ ਵਿੱਚ ਪ੍ਰਤੀਨਿਧਤਾ ਵਿਦਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਪ੍ਰਮਾਣ ਹੈ।
ਵਾਈਸ-ਪ੍ਰਿੰਸੀਪਲ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਜਸਰੀਨ ਕੌਰ ਨੇ ਕਿਹਾ ਕਿ ਵਿਭਾਗ ਆਪਣੇ ਵਿਦਆਰਥੀਆਂ ਦੀ ਅਕਾਦਮਿਕ ਉੱਤਮਤਾ ਲਈ ਕੋਈ ਕਸਰ ਬਾਕੀ ਨਹੀਂ ਛੱਡਦਾ। ਉਨ੍ਹਾਂ ਇਸ ਪ੍ਰਾਪਤੀ ‘ਤੇ ਵਿਦਆਰਥੀ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰੋ. ਸਤਪਾਲ ਸਿੰਘ ਵੀ ਮੌਜੂਦ ਸਨ।
