ਜਲੰਧਰ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੁਝ ਦਿਨ ਪਹਿਲਾਂ ਸੇਵਾਮੁਕਤ ਹੈੱਡਮਾਸਟਰ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਹਰਪ੍ਰੀਤ ਸਿੰਘ ਵਾਸੀ ਅਮਰੀਕਾ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਹਰਸ਼ਰਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮਕਾਨ ਨੰਬਰ 8 ਅਰਬਨ ਅਸਟੇਟ ਜਲੰਧਰ ਨੇ ਸ਼ਿਕਾਇਤ ਦਿੱਤੀ ਸੀ ਕਿ ਹਰਪ੍ਰੀਤ ਸਿੰਘ ਵਾਸੀ ਭਾਈ ਬੰਨੋਜੀ ਨਗਰ ਖੁਰਲਾ ਕਿੰਗਰਾ ਜਲੰਧਰ ਜੋ ਕਿ ਇਸ ਸਮੇਂ ਅਮਰੀਕਾ ਵਿਖੇ ਰਹਿ ਰਿਹਾ ਹੈ। ਨੇ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਅੱਧੀ ਰਾਤ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਦੇ ਘਰ ‘ਤੇ ਪਥਰਾਅ ਕੀਤਾ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਰਪ੍ਰੀਤ ਨੇ ਵਟਸਐਪ ਕਾਲ ਰਾਹੀਂ ਹਥਿਆਰਾਂ ਦੀਆਂ ਫੋਟੋਆਂ ਭੇਜ ਕੇ ਫਿਰੌਤੀ ਦੀ ਮੰਗ ਕੀਤੀ ਸੀ ਅਤੇ 3 ਅਣਪਛਾਤੇ ਨੌਜਵਾਨਾਂ ਨੂੰ ਉਸ ਦੇ ਘਰ ਭੇਜ ਕੇ ਪੱਥਰਬਾਜ਼ੀ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਕਰਨ ਥਾਪਰ, ਪੁੱਤਰ ਸਵਰਾਜ ਥਾਪਰ, WN 869 ਨੇੜੇ ਸਰਵ ਪ੍ਰਕਾਸ਼ ਫੈਕਟਰੀ ਭਗਵਾਨ ਵਾਲਮੀਕ ਮੁਹੱਲਾ ਬਸਤੀ ਦਾਨਿਸ਼ਮੰਦਨ ਜਲੰਧਰ ਅਤੇ ਜਤਿਨ ਸਹਿਦੇਵ ਉਰਫ ਟੈਟੂ, ਪੁੱਤਰ ਸੰਜੀਵ ਕੁਮਾਰ, ਵਾਸੀ ਨੰਬਰ. ES 192 ਬੈਕਸਾਈਡ ਲਵਲੀ ਸਵੀਟਸ ਮੁਹੱਲਾ ਮਖਦੂਮ ਪੁਰਾ ਜਲੰਧਰ ਨੂੰ ਇਸ ਮਾਮਲੇ ‘ਚ ਕਾਬੂ ਕਰਕੇ ਉਨ੍ਹਾਂ ਕੋਲੋਂ ਵਾਰਦਾਤ ‘ਚ ਵਰਤਿਆ ਗਿਆ ਮੋਟਰਸਾਈਕਲ ਸਪਲੈਂਡਰ ਕਾਲੇ ਰੰਗ ਦਾ ਬਰਾਮਦ ਕੀਤਾ ਗਿਆ।
ਸਵਪਨ ਸ਼ਰਮਾ ਨੇ ਦੱਸਿਆ ਕਿ ਅਗਲੇਰੀ ਤਫ਼ਤੀਸ਼ ਦੌਰਾਨ ਮਾਨਵ ਉਰਫ ਲੋਹਾ ਪੁੱਤਰ ਦੀਪਕ ਕੁਮਾਰ, ਡਬਲਯੂ.ਡੀ. 249 ਅਲੀ ਮੁਹੱਲਾ ਜਲੰਧਰ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ, ਜਦੋਂ ਕਿ ਪੁਲਿਸ ਨੇ ਅਭਿਮਨਿਊ ਉਰਫ਼ ਮਨੂ ਪੁੱਤਰ ਪਵਨ ਕੁਮਾਰ, ਵਾਸੀ ਮੁਹੱਲਾ ਨੰ. 1 ਨੇੜੇ ਧੋਬੀ ਘਾਟ ਗੁਜਰਾਲ ਨਗਰ ਜਲੰਧਰ, ਅਤੇ ਸ਼ਿਵਾਂਸ਼ @ ਸ਼ਿਵ, ਪੁੱਤਰ ਸੁਭਾਸ਼ ਕੁਮਾਰ, ਰੈਂਟ ‘ਤੇ ਮਕਾਨ ਨੰ. 124 ਨਿਜ਼ਾਮ ਨਗਰ ਨੇੜੇ ਸਪੋਰਟਸ ਮਾਰਕੀਟ ਜਲੰਧਰ, ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨੂੰ ਵੀ ਕਾਬੂ ਕੀਤਾ ਹੈ ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਕੇਸ ਵਿੱਚ ਅਮਨਪ੍ਰੀਤ ਕੌਰ ਵਾਸੀ ਪਿੰਡ ਗਹਿਲਾਂ ਜਲੰਧਰ, ਜੋ ਹੁਣ ਅਮਰੀਕਾ ਵਿੱਚ ਹੈ, ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।